ਆਸਟ੍ਰੇਲੀਆ ਦੇ ਵੱਖ- ਵੱਖ ਮੌਸਮੀ ਅਧਾਰਿਆਂ ਵਲੋਂ ਆਉਂਦੀ ਬਸੰਤ ਬੁਸ਼ਫਾਇਰ ਤੋਂ ਬੱਚ ਕੇ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇੰਨ੍ਹਾਂ ਦਾ ਕਹਿਣਾ ਹੈ ਕਿ ਇਸ ਬਸੰਤ ਵਿੱਚ ਪਹਿਲੀਆਂ ਬੁਸ਼ਫਾਇਰਸ ਨਾਲੋਂ ਵੱਧ ਤਬਾਹੀ ਹੋ ਸਕਦੀ ਹੈ।
ਇੰਨ੍ਹਾਂ ਅਧਾਰਿਆਂ ਵਲੋਂ ਪੰਜ ਰਾਜਾਂ ਅਤੇ ਪ੍ਰਦੇਸ਼ਾਂ ਦੇ ਵਸਨੀਕਾਂ ਲਈ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
ਨੋਰਦਰਨ ਟੇਰੀਟੋਰੀ, ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਦੇ ਵੱਡੇ ਖੇਤਰਾਂ ਦੇ ਨਾਲ-ਨਾਲ ਵਿਕਟੋਰੀਆ ਅਤੇ ਦੱਖਣੀ ਆਸਟ੍ਰੇਲੀਆ ਦੇ ਖੇਤਰਾਂ ਲਈ ਵੀ ਜੰਗਲੀ ਅੱਗਾਂ ਦੇ ਵਧੇ ਜੋਖਮ ਦੀ ਭਵਿੱਖਬਾਣੀ ਕੀਤੀ ਗਈ ਹੈ।
ਪਰ ਰਿਪੋਰਟ ਵਿੱਚ ਇਹ ਖ਼ਾਸ ਤੌਰ ਤੇ ਕਿਹਾ ਗਿਆ ਹੈ ਕਿ ਇਹ ਭਵਿੱਖਬਾਣੀ ਅੱਗ ਕਦੋਂ ਅਤੇ ਕਿੱਥੇ ਲੱਗ ਸਕਦੀ ਹੈ ਬਾਰੇ ਨਹੀਂ ਹੈ ਬਲਕਿ ਇਸ ਦਾ ਮੁੱਖ ਮੰਤਵ ਆਉਣ ਵਾਲੇ ਮੌਸਮ ਵਿੱਚ ਉੱਚ ਜੋਖਮ ਵਾਲੇ ਖੇਤਰਾਂ ਨੂੰ ਸਾਵਧਾਨ ਕਰਨ ਦਾ ਹੈ ਤਾਂ ਕਿ ਸਮਾਂ ਰਹਿੰਦੇ ਅਨਮੋਲ ਜਾਨਾਂ ਬਚਾਈਆਂ ਜਾ ਸਕਣ।
ਇਹ ਭਵਿੱਖਬਾਣੀ ਆਉਣ ਵਾਲੇ ਮੌਸਮ ਵਿੱਚ ਔਸਤ ਤਾਪਮਾਨ ਤੋਂ ਵੱਧ ਰਹਿਣ ਦੇ ਅਨੁਮਾਨ ਤੇ ਅਧਾਰਿਤ ਹੈ ਜਿਸ ਕਾਰਨ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜੰਗਲੀ ਅੱਗਾਂ ਪਹਿਲਾਂ ਨਾਲੋਂ ਜਲਦੀ ਸ਼ੁਰੂ ਹੋ ਸਕਦੀਆਂ ਹਨ।