ਵਿਆਜ ਦਰਾਂ ਵਿੱਚ ਲਗਾਤਾਰ ਵਾਧਾ ਹੋਣ ਨਾਲ ਮਕਾਨ ਮਾਲਕਾਂ ਨੂੰ ਕਰਜ਼ੇ ਦੀ ਅਦਾਇਗੀ ਕਰਨ ਵਿੱਚ ਪਹਿਲੇ ਨਾਲੋਂ ਵੱਧ ਸੰਘਰਸ਼ ਕਰਨਾ ਪੈ ਰਿਹਾ ਹੈ ਜਿਸ ਦਾ ਸਿੱਧੇ ਤੋਰ ਤੇ ਮਕਾਨਾਂ ਦੇ ਕਿਰਾਏ ਉਤੇ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ।
ਪ੍ਰਾਪਰਟੀ ਵਿਸ਼ਲੇਸ਼ਣ ਕੰਪਨੀ ਪ੍ਰੋਪਟ੍ਰੈਕ ਵਲੋਂ ਪ੍ਰਕਾਸ਼ਿਤ ਨਵੇਂ ਅੰਕੜਿਆਂ ਅਨੁਸਾਰ ਜੂਨ ਤਿਮਾਹੀ ਵਿੱਚ ਕਿਰਾਏ ਦੇ ਵਿਗਿਆਪਨਾ ਵਿਚ ਔਸਤ 2 ਪ੍ਰਤੀਸ਼ਤ ਦਾ ਵਾਧਾ ਵੇਖਣ ਨੂੰ ਮਿਲਿਆ ਹੈ।
ਪ੍ਰੋਪਟ੍ਰੈਕ ਦਾ ਕਹਿਣਾ ਹੈ ਕਿ ਪਿਛਲੇ ਸਾਲ 22 ਜੂਨ ਤੋਂ ਹੁਣ ਤਕ ਕਿਰਾਇਆਂ ਵਿੱਚ 11.8 ਪ੍ਰਤੀਸ਼ਤ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਪ੍ਰੋਪਟ੍ਰੈਕ ਅਨੁਸਾਰ ਕੇਵਲ ਜੂਨ ਤਿਮਾਹੀ ਵਿੱਚ ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰਾਂ ਵਿੱਚ ਘਰਾਂ ਦੇ ਕਿਰਾਏ ਵਿੱਚ 5.8 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਜਿਸ ਨਾਲ਼ ਇਨ੍ਹਾਂ ਸ਼ਹਿਰਾਂ ਵਿਚ ਔਸਤਨ ਕਿਰਾਇਆ 550 ਡਾਲਰ ਪ੍ਰਤੀ ਹਫ਼ਤੇ ਹੋ ਗਿਆ ਹੈ। ਪਿਛਲੇ 12 ਮਹੀਨਿਆਂ ਵਿੱਚ ਆਸਟ੍ਰੇਲੀਆ ਦੇ ਰਾਜਧਾਨੀ ਸ਼ਹਿਰਾਂ ਦੇ ਕਿਰਾਏ ਵਿੱਚ ਤਕਰੀਬਨ 17 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਸਿਡਨੀ ਅਤੇ ਮੈਲਬੌਰਨ ਵਿੱਚ ਯੂਨਿਟਾਂ ਦੇ ਕਿਰਾਏ ਵਿੱਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਜੋ ਕਿ ਪਿਛਲੇ ਸਾਲ ਨਾਲੋਂ ਕ੍ਰਮਵਾਰ 19 ਅਤੇ 17.5 ਪ੍ਰਤੀਸ਼ਤ ਵੱਧ ਗਿਆ ਹੈ।
ਪ੍ਰੋਪਟਰੈਕ ਦੇ ਅਰਥ ਸ਼ਾਸਤਰੀ ਐਂਗਸ ਮੂਰ ਨੇ ਕਿਹਾ ਕਿ ਵਿਆਜ ਦਰਾਂ ਤੋਂ ਇਲਾਵਾ ਸਪਲਾਈ ਅਤੇ ਮੰਗ ਆਸਟ੍ਰੇਲੀਆ ਵਿੱਚ ਕਿਰਾਏ ਦੇ ਸੰਕਟ ਦੇ ਮੁੱਖ ਕਾਰਕਾਂ ਵਿੱਚੋਂ ਇੱਕ ਹੈ ਅਤੇ ਰਾਜਧਾਨੀ ਸ਼ਹਿਰਾਂ ਵਿੱਚ ਰਹਿਣ ਵਾਲਿਆਂ ਲਈ ਮਹਿੰਗਾਈ ਦਾ ਇਹ ਸੰਕਟ ਲੰਮਾ ਸਮਾਂ ਚਲ ਸਕਦਾ ਹੈ।