Key Points
- ਨਵੇਂ ਅਧਿਐਨ ਮੁਤਾਬਕ ਘਰ ਤੋਂ ਕੰਮ ਕਰਨ ਵਾਲੇ ਆਸਟ੍ਰੇਲੀਅਨ ਕਰਮਚਾਰੀਆਂ ਦੀ ਗਿਣਤੀ 43 ਪ੍ਰਤੀਸ਼ਤ ਤੋਂ 26 ਪ੍ਰਤੀਸ਼ਤ ਤੱਕ ਘਟੀ ਹੈ
- ਐਸੋਸੀਏਟ ਪ੍ਰੋਫੈਸਰ ਡਾਕਟਰ ਮੋਹਨ ਥੀਟੇ ਮੁਤਾਬਕ ਮੈਨੇਜਰ ਚਾਹੁੰਦੇ ਹਨ ਕਿ ਕਰਮਚਾਰੀ ਦਫ਼ਤਰਾਂ ਤੋਂ ਜ਼ਿਆਦਾ ਕੰਮ ਕਰਨ
- ਇੱਕ ਸੈਨੇਟ ਕਮੇਟੀ ਅਜਿਹੇ ਕਾਨੂੰਨ ਦੀ ਸਿਫਾਰਸ਼ ਕਰ ਰਹੀ ਹੈ ਜੋ ਕਰਮਚਾਰੀਆਂ ਨੂੰ ਕੰਮ ਦੀ ਥਾਂ ਘਰ ਤੋਂ ਕਮ ਕਰਨ ਦਾ ਅਧਿਕਾਰ ਦਿੰਦਾ ਹੈ
ਹਾਲ ਹੀ ਦੇ ਇੱਕ ਵਿੱਚ ਦਿਖਾਇਆ ਗਿਆ ਹੈ ਕਿ ਆਸਟ੍ਰੇਲੀਆ ਵਿੱਚ ਕੋਵਿਡ-19 ਪਾਬੰਦੀਆਂ ਨੂੰ ਸੌਖਾ ਕਰਨ ਤੋਂ ਬਾਅਦ ਕੰਮ ਕਰਨ ਦਾ ਇੱਕ ਨਵਾਂ ਹਾਈਬ੍ਰਿਡ ਪੈਟਰਨ ਅਪਣਾਇਆ ਜਾ ਰਿਹਾ ਹੈ ਜਿਸ ਮੁਤਾਬਕ ਕੁੱਝ ਦਿਨ ਦਫਤਰ ਤੋਂ ਅਤੇ ਕੁੱਝ ਦਿਨ ਘਰ ਤੋਂ ਕੰਮ ਕੀਤਾ ਜਾ ਰਿਹਾ ਹੈ।
ਇਸ ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਜ਼ਿਆਦਾਤਰ ਕਿੱਤਿਆਂ ਵਿੱਚ ਕਰਮਚਾਰੀਆਂ ਨੇ ਇਸ ਸਾਲ ਮਾਰਚ ਦੇ ਮੁਕਾਬਲੇ ਸਤੰਬਰ ਵਿੱਚ ਘਰ ਤੋਂ ਘੱਟ ਕੰਮ ਕੀਤਾ ਹੈ।
ਘਰ ਤੋਂ ਕੰਮ ਕਰਨ ਲਈ ਕੁੱਲ ਕੰਮਕਾਜੀ ਘੰਟੇ 43 ਫੀਸਦ ਤੋਂ ਘੱਟ ਕੇ 26 ਫੀਸਦ ਰਹਿ ਗਏ ਹਨ।
ਦੱਖਣੀ ਆਸਟ੍ਰੇਲੀਆ, ਆਸਟ੍ਰੇਲੀਅਨ ਕੈਪੀਟਲ ਟੈਰੀਟਰੀ /ਤਸਮਾਨੀਆ ਅਤੇ ਨੋਰਦਰਨ ਟੈਰੀਟਰੀ ਵਿੱਚ ਘਰ ਤੋਂ ਕੰਮ ਕਰਨ ਦੇ ਅਨੁਪਾਤ ਵਿੱਚ 53 ਪ੍ਰਤੀਸ਼ਤ, 48 ਪ੍ਰਤੀਸ਼ਤ ਅਤੇ 43 ਪ੍ਰਤੀਸ਼ਤ ਦੀ ਤਿੱਖੀ ਗਿਰਾਵਟ ਦਰਜ ਕੀਤੀ ਗਈ ਹੈ।
'ਯੂਨੀਵਰਸਿਟੀ ਆਫ਼ ਸਿਡਨੀ ਬਿਜ਼ਨਸ ਸਕੂਲ ਦੇ ਇੰਸਟੀਟਿਊਟ ਆਫ਼ ਟ੍ਰਾਂਸਪੋਰਟ ਐਂਡ ਲੌਜਿਸਟਿਕ ਸਟੱਡੀਜ਼' ਦੇ ਡਾਇਰੈਕਟਰ, ਪ੍ਰੋਫੈਸਰ ਡੇਵਿਡ ਹੈਨਸ਼ਰ ਦਾ ਕਹਿਣਾ ਹੈ ਕਿ ਇਹ ਖੋਜਾਂ ਹਾਈਬ੍ਰਿਡ ਕੰਮ ਕਰਨ ਦੇ ਨਵੇਂ ਆਮ ਤਰੀਕਿਆਂ ਨੂੰ ਦਰਸਾਉਂਦੀਆਂ ਹਨ।
ਐਸੋਸੀਏਟ ਪ੍ਰੋਫੈਸਰ ਡਾ: ਮੋਹਨ ਥੀਟੇ, ਜੋ ਗ੍ਰਿਫਿਥ ਯੂਨੀਵਰਸਿਟੀ ਵਿੱਚ ਕਰਮਚਾਰੀ ਪ੍ਰਬੰਧਨ ਅਤੇ ਉਦਯੋਗਿਕ ਸਬੰਧਾਂ ਨੂੰ ਪੜ੍ਹਾਉਂਦੇ ਹਨ, ਨੇ ਕਿਹਾ ਕਿ ਪ੍ਰਬੰਧਕਾਂ ਦੀਆਂ ਉਮੀਦਾਂ ਵਧ ਰਹੀਆਂ ਹਨ ਕਿਉਂਕਿ ਆਸਟਰੇਲੀਆ ਮਹਾਂਮਾਰੀ ਤੋਂ ਉੱਭਰ ਰਿਹਾ ਹੈ।
New South Wales and Victoria had the highest WFH proportion at 31.4 per cent and 28.9 per cent in September. Credit: Morsa Images/Getty Images
ਪਰ ਖੋਜ ਦਰਸਾਉਂਦੀ ਹੈ ਕਿ ਉਤਪਾਦਕਤਾ ਘਰ ਤੋਂ ਜਾਂ ਰਿਮੋਟ ਕੰਮ ਕਰਨ ਨਾਲ ਨਹੀਂ ਘਟਦੀ। ਅਸਲ ਵਿੱਚ, ਬਹੁਤ ਸਾਰੇ ਮਾਮਲਿਆਂ ਵਿੱਚ, ਉਤਪਾਦਕਤਾ ਵਧੀ ਹੈ।
ਕੰਮ ਅਤੇ ਜੀਵਨ ਵਿੱਚ ਸੰਤੁਲਨ ਕਿਵੇਂ ਬਣਾਈ ਰੱਖਣਾ ਹੈ
ਕੁੱਝ ਕਰਮਚਾਰੀਆਂ ਨੂੰ ਦਫਤਰ ਤੋਂ ਵਧੇਰੇ ਕੰਮ ਕਰਨਾ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਘਰ ਤੋਂ ਕੰਮ ਕਰਨ ਦੀ ਆਦਤ ਪੈ ਗਈ ਹੈ ਅਤੇ ਲੌਕਡਾਊਨ ਦੌਰਾਨ ਆਉਣ-ਜਾਣ ਦੇ ਸਮੇਂ ਦੀ ਬਚਤ ਵੀ ਹੋ ਜਾਂਦੀ ਸੀ।
ਸਿਡਨੀ ਯੂਨੀਵਰਸਿਟੀ ਦੇ 'ਵਰਕ ਐਂਡ ਆਰਗੇਨਾਈਜ਼ੇਸ਼ਨਲ ਸਟੱਡੀਜ਼' ਅਨੁਸ਼ਾਸਨ ਦੇ ਸੀਨੀਅਰ ਲੈਕਚਰਾਰ ਡਾ ਜੇਮਸ ਡੋਨਾਲਡ ਦਾ ਕਹਿਣਾ ਹੈ ਕਿ ਕਰਮਚਾਰੀਆਂ ਨੂੰ ਆਪਣੇ ਪ੍ਰਬੰਧਕਾਂ ਨਾਲ ਇਮਾਨਦਾਰ ਅਤੇ ਸਿੱਧੀ ਗੱਲਬਾਤ ਕਰਨੀ ਚਾਹੀਦੀ ਹੈ।
ਡਾਕਟਰ ਡੋਨਾਲਡ ਦਾ ਕਹਿਣਾ ਹੈ ਕਿ ਅਜਿਹਾ ਹਰ ਸੰਸਥਾ ਲਈ ਸੰਭਵ ਨਹੀਂ ਹੈ। ਕੁੱਝ ਸੰਸਥਾਵਾਂ ਵਿੱਚ ਕਰਮਚਾਰੀਆਂ ਨੂੰ ਤਿੰਨ ਦਿਨ ਦਫ਼ਤਰ ਤੋਂ ਹੀ ਕੰਮ ਕਰਨ ਲਈ ਕਿਹਾ ਗਿਆ ਹੈ।ਪਰ ਉਹਨਾਂ ਮੁਤਾਬਕ ਹਰ ਢਾਂਚੇ ਵਿਚ ਥੋੜ੍ਹੀ ਜਿਹੀ ਲਚਕਤਾ ਮੌਜੂਦ ਹੁੰਦੀ ਹੈ।
ਡਾਕਟਰ ਡੋਨਾਲਡ ਦਾ ਕਹਿਣਾ ਹੈ ਕਿ ਜੇਕਰ ਕਰਮਚਾਰੀ ਮਹਿਸੂਸ ਕਰਦੇ ਹਨ ਕਿ ਘਰ ਤੋਂ ਕੰਮ ਕਰ ਕੇ ਉਹਨਾਂ ਦੀ ਕੁਸ਼ਲਤਾ ਵਿੱਚ ਵਾਧਾ ਹੁੰਦਾ ਹੈ ਅਤੇ ਉਹਨਾਂ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਲਈ ਵੀ ਘਰ ਤੋਂ ਕੰਮ ਕਰਨਾ ਬੇਹਤਰ ਹੈ ਤਾਂ ਉਹਨਾਂ ਨੂੰ ਆਪਣੇ ਮੈਨੇਜਰ ਨਾਲ ਗੱਲ ਕਰਨੀ ਚਾਹੀਦੀ ਹੈ।
ਡਾਕਟਰ ਡੋਨਾਲਡ ਮੁਤਾਬਕ ਲੇਬਰ ਦੀ ਸ਼ੋਰਟੇਜ ਨਾਲ ਜੂਝ ਰਹੇ ਰੋਜ਼ਗਾਰਦਾਤਾ ਇਸ ਸਮੇਂ ਕਰਮਚਾਰੀਆਂ ਦੀ ਗੱਲ ਹੋਰ ਵੀ ਧਿਆਨ ਨਾਲ ਸੁਣਨਗੇ।
ਉਹ ਮੰਨਦੇ ਹਨ ਕਿ ਜ਼ਿਆਦਾਤਰ ਮੈਨੇਜਰ ਇਸ ਸਮੇਂ ਚਹੁੰਦੇ ਹਨ ਕਿ ਉਹਨਾਂ ਦੇ ਕਰਮਚਾਰੇ ਸਭ ਤੋਂ ਵਧੀਆਂ ਕੰਮ ਕਰਨ ਅਤੇ ਅਜਿਹੇ ਵਿੱਚ ਕਰਮਚਾਰੀ ਵੀ ਇਸਦਾ ਫਾਇਦਾ ਲੈ ਸਕਦੇ ਹਨ।
ਉਹ ਕਹਿੰਦੇ ਹਨ ਕਿ ਇਸ ਬਾਰੇ ਗੱਲ ਕਰਨ ਨਾਲ ਤੁਹਾਨੂੰ ਕੋਈ ਨੌਕਰੀ ਤੋਂ ਨਹੀਂ ਕੱਢੇਗਾ। ਇਸ ਲਈ ਤੁਹਾਨੂੰ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ।
ਪੂਰੀ ਤਰ੍ਹਾਂ ਨਾਲ ਘਰ ਤੋਂ ਕੰਮ ਕਰਨ ਦੇ ਨੈਗੇਟਿਵ ਪ੍ਰਭਾਵ
ਡਾਕਟਰ ਥੀਟੇ ਕਹਿੰਦੇ ਹਨ ਕਿ ਘਰ ਤੋਂ ਕੰਮ ਕਰਨ ਦੇ ਕੁੱਝ ਮਾੜੇ ਪ੍ਰਭਾਵ ਵੀ ਹੁੰਦੇ ਹਨ।
ਉਹਨਾਂ ਮੁਤਾਬਕ ਬਹੁਤ ਸਾਰੇ ਮਨੋਵਿਗਿਆਨਕ ਮੁੱਦੇ ਇਸ ਨਾਲ ਜੁੜੇ ਹੋਏ ਹਨ ਜਿਵੇਂ ਕਿ ਵੱਖਰੇ ਰਹਿਣਾ ਜਾਂ ਦੂਜਿਆਂ ਨਾਲ ਗਲਬਾਤ ਕਰਨ ਵਿੱਚ ਅਸਮਰਥਾ ਹੋਣੀ। ਇਸ ਤੋਂ ਇਲਾਵਾ ਘਰ-ਪਰਿਵਾਰ ਦੇ ਸ਼ੋਰ-ਸ਼ਰਾਬੇ ਦੌਰਾਨ ਕੰਮ ਉੱਤੇ ਧਿਆਨ ਨਿਯੰਤਰਿਤ ਰੱਖਣਾ ਵੀ ਮੁਸ਼ਕਿਲ ਹੁੰਦਾ ਹੈ।
ਡਾਕਟਰ ਥੀਟੇ ਦਾ ਕਹਿਣਾ ਹੈ ਕਿ ਕਰਮਚਾਰੀਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਹਨਾਂ ਦੇ ਨਿੱਜੀ ਅਤੇ ਪੇਸ਼ੇਵਰ ਲਾਭ ਅਤੇ ਵਿਕਾਸ ਲਈ ਉਹਨਾਂ ਦਾ ਦਫ਼ਤਰ ਤੋਂ ਕੰਮ ਕਰਨਾ ਜ਼ਰੂਰੀ ਹੈ।ਡਾ. ਥੀਟੇ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ, ਤਾਜ਼ੀ ਹਵਾ ਵਿੱਚ ਸਾਹ ਲਓ ਅਤੇ ਲੋਕਾਂ ਨਾਲ ਗੱਲਬਾਤ ਕਰੋ। ਅੱਜ ਦੀ ਆਰਥਿਕਤਾ, ਨਵੀਨਤਾ ਅਤੇ ਸਿਰਜਣਾਤਮਕਤਾ ਦੁਆਰਾ ਚਲਾਈ ਜਾਂਦੀ ਹੈ ਅਤੇ ਤੁਹਾਡੀ ਨਵੀਨਤਾ ਅਤੇ ਰਚਨਾਤਮਕਤਾ ਨੂੰ ਵਧਣ-ਫੁੱਲਣ ਲਈ, ਤੁਹਾਨੂੰ ਹੋਰ ਲੋਕਾਂ ਨਾਲ ਗੱਲਬਾਤ ਕਰਨੀ ਪਵੇਗੀ।
ਇਹ ਇੱਕ ਸਹਿਯੋਗੀ ਯਤਨ ਹੈ। ਇਸ ਲਈ ਅੱਜ ਕੰਮ ਕਰਨ ਲਈ ਟੀਮ ਵਰਕ, ਗਿਆਨ ਦਾ ਜ਼ਰੂਰੀ ਹਿੱਸਾ ਹੈ। ਇਸ ਲਈ ਇਹ ਕਰਮਚਾਰੀਆਂ ਦੇ ਹਿੱਤ ਵਿੱਚ ਵੀ ਬਰਾਬਰ ਹੈ ਕਿ ਉਹ ਹਫ਼ਤੇ ਵਿੱਚ ਘੱਟੋ-ਘੱਟ ਕੁਝ ਦਿਨ ਦਫ਼ਤਰ ਤੋਂ ਕੰਮ ਕਰਨ।
ਡਾ: ਡੋਨਾਲਡ ਦਾ ਕਹਿਣਾ ਹੈ ਕਿ ਘਰ ਤੋਂ ਕੰਮ ਕਰਨਾ ਕੰਪਨੀ ਦੁਆਰਾ ਧਿਆਨ ਨਾਲ ਪ੍ਰਬੰਧਿਤ ਕੀਤਾ ਜਾਣਾ ਚਾਹੀਦਾ ਹੈ।
ਡਿਸਕਨੈਕਟ ਕਰਨ ਦਾ ਅਧਿਕਾਰ
'ਵਰਕ ਐਂਡ ਕੇਅਰ' ਉੱਤੇ ਇੱਕ ਸੈਨੇਟ ਦੀ ਚੋਣ ਕਮੇਟੀ ਨੇ ਪਿਛਲੇ ਮਹੀਨੇ ਆਸਟ੍ਰੇਲੀਅਨ ਸਰਕਾਰ ਨੂੰ ਇੱਕ ਕਾਨੂੰਨ ਉੱਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਸੀ ਜੋ ਕਰਮਚਾਰੀਆਂ ਨੂੰ "ਕੰਮ ਤੋਂ ਡਿਸਕਨੈਕਟ ਕਰਨ ਦਾ ਅਧਿਕਾਰ" ਦਿੰਦਾ ਹੈ।
ਕਮੇਟੀ ਦਾ ਕਹਿਣਾ ਹੈ ਕਿ ਮਹਾਂਮਾਰੀ ਨੇ ਘਰਾਂ ਤੋਂ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਵਧਦੀ ਗਿਣਤੀ ਦੇਖੀ ਹੈ, ਅਤੇ ਇਸ ਨਾਲ ਬਹੁਤ ਸਾਰੇ ਕਾਮਿਆਂ ਦੀ ਜ਼ਿੰਦਗੀ ਬਦਲ ਗਈ ਹੈ।
ਕਮੇਟੀ ਨੇ ਕਿਹਾ ਕਿ ਜਦੋਂ ਕਿ ਨਵੇਂ ਪੈਟਰਨ ਲਾਭਕਾਰੀ ਰਹੇ ਹਨ ਅਤੇ ਬਹੁਤ ਸਾਰੇ ਘਰਾਂ ਦੇ ਆਉਣ-ਜਾਣ ਦੇ ਸਮੇਂ ਨੂੰ ਬਚਾਉਂਦੇ ਹਨ ਪਰ ਨਾਲ ਹੀ ਉਨ੍ਹਾਂ ਨੇ ਕੰਮ ਕਰਨ ਦੇ ਸਮੇਂ ਵਿੱਚ ਵਾਧਾ ਵੀ ਦੇਖਿਆ ਹੈ ।
ਕਮੇਟੀ ਦੇ ਅਨੁਸਾਰ, ਡਿਸਕਨੈਕਟ ਕਰਨ ਦੇ ਅਧਿਕਾਰ ਵਿੱਚ ਇਹ ਸਭ ਹੋਣਾ ਚਾਹੀਦਾ ਹੈ:
- ਘਰ ਤੋਂ ਲਾਭਕਾਰੀ ਕੰਮ ਨੂੰ ਸਮਰਥਨ ਅਤੇ ਕੰਮ ਦੀ ਲਚਕਤਾ।
- ਕਰਮਚਾਰੀਆਂ ਦੇ ਇਕਰਾਰਨਾਮੇ ਦੇ ਸਮੇਂ ਤੋਂ ਬਾਹਰ ਆਪਣੀ ਨੌਕਰੀ ਤੋਂ ਡਿਸਕਨੈਕਟ ਕਰਨ ਦੇ ਅਧਿਕਾਰ ਦੀ ਰੱਖਿਆ ਕਰਨਾ ਅਤੇ ਇਸ ਅਧਿਕਾਰ ਨੂੰ ਆਪਣੇ ਮਾਲਕ ਨਾਲ ਲਾਗੂ ਕਰਨਾ ।
- ਜਿੱਥੇ ਵੀ ਸੰਭਵ ਹੋਵੇ ਹੱਕ ਨੂੰ ਮੁਨਾਸਬ ਢੰਗ ਨਾਲ ਅਨੁਕੂਲ ਕਰਨ ਲਈ ਰੁਜ਼ਗਾਰਦਾਤਾਵਾਂ ਉੱਤੇ ਇੱਕ ਸਕਾਰਾਤਮਕ ਡਿਊਟੀ ਲਗਾਉਣ ।
- ਕਰਮਚਾਰੀਆਂ ਨੂੰ ਫੇਅਰ ਵਰਕ ਕਮਿਸ਼ਨ ਕੋਲ ਅਪੀਲ ਕਰਨ ਦੀ ਇਜਾਜ਼ਤ ਹੋਵੇ ਜਿੱਥੇ ਰੁਜ਼ਗਾਰਦਾਤਾ ਅਧਿਕਾਰ ਨਾ ਦੇ ਰਹੇ ਹੋਣ ।
ਕੁਝ ਯੂਰਪੀਅਨ ਦੇਸ਼ਾਂ ਵਿੱਚ ਇੱਕ ਅਜਿਹਾ ਅਧਿਕਾਰ ਪਹਿਲਾਂ ਹੀ ਮੌਜੂਦ ਹੈ।
ਐਸ.ਬੀ.ਐਸ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਭਾਈਚਾਰਿਆਂ ਨੂੰ ਕੋਵਿਡ-19 ਅੱਪਡੇਟ ਪ੍ਰਦਾਨ ਕਰਨ ਲਈ ਵਚਨਬੱਧ ਹੈ।