ਕਰੋਨਾਵਾਇਰਸ ਕਾਰਨ ਪੈਦਾ ਹੋਏ ਮਾੜੇ ਹਾਲਾਤਾਂ ਨੂੰ ਕਾਬੂ ਵਿੱਚ ਰਖਣ ਦੇ ਉਪਰਾਲਿਆਂ ਤਹਿਤ ਐਲਾਨੇ ਇਸ ਨਵੇਂ 130 ਬਿਲੀਅਨ ਡਾਲਰਾਂ ਵਾਲੀ ਰਾਹਤ ਦਾ ਲਾਭ ਤਕਰੀਬਨ 6 ਮਿਲੀਅਨ ਕਾਮਿਆਂ ਨੂੰ ਮਿਲ ਸਕੇਗਾ।
ਸਰਕਾਰ ਮੁਤਾਬਿਕ ਇਸ ਨਾਲ ਸੋਸ਼ਲ ਵੈਲਫੇਅਰ ਉੱਤੇ ਪੈਣ ਵਾਲਾ ਵਾਧੂ ਬੋਝ ਵੀ ਘੱਟ ਹੋ ਸਕੇਗਾ।
ਇਸ ਨਵੀਂ ਸਕੀਮ ਤਹਿਤ ਹਰ ਪੰਦਰਵਾੜੇ 1500 ਡਾਲਰ ਦਾ ਲਾਭ ਉਹਨਾਂ ਅਦਾਰਿਆਂ ਨੂੰ ਮਿਲ ਸਕੇਗਾ ਜਿਨਾਂ ਦੀ ਕਮਾਈ ਵਿੱਚ 30% ਜਾਂ ਇਸਤੋਂ ਜਿਆਦਾ ਦਾ ਘਾਟਾ ਪੈ ਚੁੱਕਿਆ ਹੈ। ਇਸ ਮਦਦ ਨਾਲ ਉਹ ਆਪਣੇ ਕਾਮਿਆਂ ਨੂੰ ਕੁਝ ਰਕਮ ਤਨਖਾਹ ਭੱਤੇ ਵਜੋਂ ਦੇਣ ਦੇ ਕਾਬਲ ਹੋ ਸਕਣਗੇ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ ਕਿ ਇਸ ‘ਜੋਬ ਕੀਪਰ ਅਲਾਉਂਸ’ ਨਾਲ ਉਹਨਾਂ ਕਾਮਿਆਂ ਨੂੰ ਲਾਭ ਮਿਲ ਸਕੇਗਾ ਜਿਨਾਂ ਦੀਆਂ ਨੌਕਰੀਆਂ 1 ਮਾਰਚ ਤੋਂ ਬਾਅਦ ਚਲੀਆਂ ਗਈਆਂ ਹਨ।
ਉਹਨਾਂ ਰੁਜ਼ਗਾਰਦਾਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ, ਹਾਲਾਤ ਵਾਪਸ ਪਰਤਣ ਉਪਰੰਤ ਇਹਨਾਂ ਕਾਮਿਆਂ ਨੂੰ ਪੂਰੀ ਨੌਕਰੀ ਤੇ ਰੱਖਣ ਲਈ ਵੀ ਵਚਨਬੱਧ ਹੋਣ - "ਅੱਜ ਸਾਡੀ ਸਰਕਾਰ ਨੇ ਅਜਿਹਾ ਫੈਸਲਾ ਲਿਆ ਹੈ ਜੋ ਕਿ ਇਤਿਹਾਸ ਵਿੱਚ ਪਹਿਲਾਂ ਕਦੀ ਨਹੀਂ ਲਿਆ ਗਿਆ।"
ਸ਼੍ਰੀ ਮੌਰੀਸਨ ਨੇ ਕਿਹਾ ਕਿ ਇਹ 130 ਬਿਲੀਅਨ ਡਾਲਰਾਂ ਵਾਲੇ ਪੈਕੇਜ ਨੂੰ ਆਸਟ੍ਰੇਲੀਅਨ ਟੈਕਸ ਆਫਿਸ ਵਲੋਂ ਨਿਯੰਤਰਿਤ ਕੀਤਾ ਜਾਵੇਗਾ ਅਤੇ ਇਹ ਪਹਿਲਾਂ ਐਲਾਨੇ 70 ਬਿਲੀਅਨ ਡਾਲਰਾਂ ਵਾਲੇ ਪੈਕੇਜ ਤੋਂ ਇਲਾਵਾ ਹੋੈ।
ਇਸ ਰਾਹਤ ਨੂੰ ਐਲਾਨ ਕਰਨ ਸਮੇਂ ਖਜਾਨਚੀ ਜੋਸ਼ ਫਰਾਇਡਨਬਰਗ ਨੇ ਕਿਹਾ ਕਿ ਇਸ ਨਾਲ ਕਾਮਿਆਂ ਦੀਆਂ ਨੌਕਰੀਆਂ ਕੁੱਝ ਹੱਦ ਤੱਕ ਯਕੀਨੀ ਬਣਾਈਆਂ ਜਾ ਸਕਣਗੀਆਂ।
ਇਸ ਦਾ ਲਾਭ ਸਾਰੇ ਫੁੱਲ ਟਾਈਮ, ਪਾਰਟ-ਟਾਈਮ, ਨਿਜੀ ਵਪਾਰੀਆਂ, ਅਤੇ ਆਰਜ਼ੀ ਕਾਮਿਆਂ ਨੂੰ ਮਿਲ ਸਕੇਗਾ ਬਸ਼ਰਤੇ ਉਹਨਾਂ ਨੇ 12 ਮਹੀਨਿਆਂ ਤੱਕ ਕੰਮ ਕੀਤਾ ਹੋਵੇ।
ਸਾਰੇ ਹੀ ਕਾਮਿਆਂ ਨੂੰ 1500 ਡਾਲਰ ਪ੍ਰਤੀ 15 ਦਿਨ ਦੇ ਹਿਸਾਬ ਨਾਲ਼ ਰਾਸ਼ੀ ਮਿਲੇਗੀ ਬੇਸ਼ਕ ਉਹਨਾਂ ਦੀ ਅਸਲ ਤਨਖਾਹ ਇਸ ਤੋਂ ਵੱਧ ਹੀ ਕਿਉਂ ਨਾ ਹੋਵੇ।
ਨਿਊਜ਼ੀਲੈਂਡ ਦੇ ਕਾਮੇ ਜੋ ਕਿ ਸੋਸ਼ਲ ਵੈਲਫੇਅਰ ਲੈਣ ਦੇ ਯੋਗ ਨਹੀਂ ਹੁੰਦੇ, ਨੂੰ ਵੀ ਇਹ ਮਦਦ ਮਿਲ ਸਕੇਗੀ।
ਇਸ ਮਾਲੀ ਮਦਦ ਨੂੰ ਤੁਰੰਤ ਲੋਕਾਂ ਤੱਕ ਪਹੁੰਚਾਉਣ ਲਈ ਪਾਰਲੀਮੈਂਟ ਦੀ ਹੰਗਾਮੀ ਬੈਠਕ ਕਰਦੇ ਹੋਏ ਇਸ ਨੂੰ ਪਾਸ ਕਰਵਾਇਆ ਜਾਵੇਗਾ।
ਬੇਸ਼ਕ ਇਹ ਮਦਦ ਮਈ ਵਿੱਚ ਮਿਲ ਸਕੇਗੀ ਪਰ ਇਸ ਦਾ ਲਾਭ ਮਾਰਚ ਤੋਂ ਹੀ ਲਾਗੂ ਕੀਤਾ ਜਾਵੇਗਾ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦੀ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।