ਵਿਦੇਸ਼ੀ ਸਿਖਿਆਰਥੀਆਂ ਨੂੰ ਹੁਣ ਆਸਟ੍ਰੇਲੀਆ ਵਿੱਚ ਪੜਾਈ ਕਰਨ ਵਾਸਤੇ ਵੀਜ਼ਾ ਹਾਸਲ ਕਰਨ ਤੋਂ ਪਹਿਲਾਂ, ਅੰਗਰੇਜੀ ਭਾਸ਼ਾ ਦਾ ਇੱਕ ਘੱਟੋ-ਘੱਟ ਮਿਆਰ ਦਰਸਾਉਣਾ ਹੋਵੇਗਾ।
ਆਸਟ੍ਰੇਲੀਆ ਦੇ ਹੋਮ ਅਫੇਅਰਸ ਡਿਪਾਰਟਮੈਂਟ ਨੇ ਅੰਗਰੇਜੀ ਵਿੱਚ ਮਹਾਰਤ ਸਿੱਧ ਕਰਨ ਵਾਲੇ ਅੰਗਰੇਜੀ ਦੇ ਇਮਤਿਹਾਨਾਂ ਵਿੱਚ ਇੱਕ ਨਵੀਂ ਤਬਦੀਲੀ ਕੀਤੀ ਹੈ। ਇਸ ਦਾ ਕਹਿਣਾ ਹੈ ਕਿ ਹੁਣ ਤੋਂ ‘ਟੋਫਲ (ਟੈਸਟ ਆਫ ਇੰਗਲਿਸ਼ ਐਜ਼ ਆ ਫੋਰੇਨ ਲੈਂਗੂਏਜ’ ਦਾ ਲਿਖਤੀ ਇਮਤਿਹਾਨ, ਮਿਤੀ 27 ਮਈ 2018 ਤੋਂ ਸਟੂਡੈਂਟ ਵੀਜ਼ਾ ਦੀ ਸਬ-ਕਲਾਸ 500 ਵਾਲੀਆਂ ਅਰਜੀਆਂ ਵਾਸਤੇ ਸਵੀਕਾਰ ਨਹੀਂ ਕੀਤਾ ਜਾਵੇਗਾ।
ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਕੀਤੇ ਗਏ ‘ਟੋਫਲ-ਪੀਬੀਟੀ’ ਵਾਲੇ ਬਦਲਾਵਾਂ ਦੇ ਬਾਵਜੂਦ ਵੀ ਇਸ ਟੈਸਟ ਦੁਆਰਾ ਅੰਗਰੇਜੀ ਬੋਲਣ ਦੀ ਮਹਾਰਤ ਨੂੰ ਮਾਪਿਆ ਨਹੀਂ ਜਾ ਸਕਦਾ ਹੈ।
ਬੋਲੀ ਜਾਣ ਵਾਲੀ ਅੰਗਰੇਜੀ ਭਾਸ਼ਾ, ਸਿਖਿਆਰਥੀ ਦੀ ਅੰਗਰੇਜੀ ਵਿੱਚ ਮਹਾਰਤ ਨੂੰ ਮਾਪਣ ਲਈ ਇੱਕ ਲੋੜੀਂਦਾ ਨੁਕਤਾ ਹੁੰਦਾ ਹੈ।
ਹੋਮ ਅਫੇਅਰਸ ਵਿਭਾਗ ਅਨੁਸਾਰ ਬੋਲਣ ਵਾਲੀ ਅੰਗਰੇਜੀ ਦਾ ਮਿਆਰ ਮਾਪਣਾ ਇਸ ਲਈ ਅਹਿਮ ਹੈ ਕਿਉਂਕਿ ਇਸ ਦੁਆਰਾ ਹੀ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਬਿਨੇਕਾਰ ਆਸਟ੍ਰੇਲੀਆ ਵਿੱਚ ਆ ਕੇ ਆਹਮੋ-ਸਾਹਮਣੇ ਹੋਣ ਵਾਲੇ ਹਾਲਾਤਾਂ ਦੌਰਾਨ ਚੰਗੀ ਤਰਾਂ ਨਾਲ ਗੱਲਬਾਤ ਕਰ ਸਕੇਗਾ।
ਇਸੇ ਦੇ ਮੱਦੇਨਜ਼ਰ, ਵਿਭਾਗ ਨੇ ‘ਟੋਫਲ-ਪੀਬੀਟੀ’ ਨੂੰ ਸਿਖਿਆਰਥੀਆਂ ਵਲੋਂ ਸਟੂਡੈਂਟ ਵੀਜ਼ੇ ਲਈ ਦਿੱਤੇ ਜਾਣ ਵਾਲੇ ਅੰਗਰੇਜੀ ਦੇ ਇਮਤਿਹਾਨਾਂ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਹੈ।
ਪਰ ‘ਟੋਫਲ’ ਦਾ ਇੰਟਰਨੈੱਟ ਉੱਤੇ ਲਿਆ ਜਾਣ ਵਾਲਾ ਇਮਤਿਹਾਨ, ਅਜੇ ਵੀ ਵਿਭਾਗ ਵਲੋਂ ਸਵੀਕਾਰਿਆ ਜਾਂਦਾ ਹੈ।
ਹਾਲਾਂਕਿ ਇਹ ਆਸਟ੍ਰੇਲੀਆ ਦੇ ਪਸੰਦੀਦਾ ਇਮਤਿਹਾਨਾਂ ਵਿੱਚ ਸ਼ਾਮਲ ਨਹੀਂ ਹੈ।
ਸਿਡਨੀ ਵਿੱਚ ਅੰਗਰੇਜੀ ਸਿਖਾਉਣ ਦਾ ਬਿਜ਼ਨਸ ਕਰਨ ਵਾਲੇ ਸ਼ਿਵੀ ਭੱਲਾ ਦਾ ਕਹਿਣਾ ਹੈ ਕਿ, ‘ਅਜ ਕੱਲ ਜਿਆਦਾਤਰ ਵਿਦੇਸ਼ੀ ਸਿਖਿਆਰਥੀ ‘ਪੀ ਟੀ ਈ’ ਦਾ ਇਮਤਿਹਾਨ ਦੇਣ ਦੇ ਨਾਲ ਨਾਲ ‘ਆਈਲੈਟਸ’ ਦਾ ਵੀ ਇਮਤਿਹਾਨ ਦਿੰਦੇ ਹਨ’।
ਉਹ ਕਹਿੰਦੇ ਹਨ ਕਿ, ‘ਮੈਨੂੰ ਪਤਾ ਹੈ ਕਿ ਆਸਟ੍ਰੇਲੀਆ ਦੇ ਵੀਜ਼ੇ ਲਈ ਇਹ ਸਵੀਕਾਰ ਨਹੀਂ ਕੀਤਾ ਜਾਂਦਾ, ਪਰ ਪਿਛਲੇ ਪੰਜ ਸਾਲਾਂ ਦੇ ਮੇਰੇ ਨਿਜੀ ਤਜਰਬੇ ਅਨੁਸਾਰ, ਅੱਜ ਤਕ ਕਿਸੇ ਨੇ ਵੀ ਇਸ ਬਾਰੇ ਪੁੱਛਗਿੱਛ ਨਹੀਂ ਕੀਤੀ ਹੈ’।
ਇਸ ਤੋਂ ਅਲਾਵਾ ਸਵੀਕਾਰੇ ਜਾਂਦੇ ਇਮਤਿਹਾਨਾਂ ਵਿੱਚ ਸ਼ਾਮਲ ਹਨ, ਆਈਲੈਟਸ (ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ), ਕੈਮਬਰਿਜ ਇੰਗਲਿਸ਼:ਐਡਵਾਂਸਡ (ਸਰਟੀਫਾਈਡ ਇਨ ਐਡਵਾਂਸਡ ਇੰਗਲਿਸ਼), ਪੀਅਰਸਨ ਟੈਸਟ ਆਫ ਇੰਗਲਿਸ਼ ਅਤੇ ਆਕੂਪੇਸ਼ਨਲ ਇੰਗਲਿਸ਼ ਟੈਸਟ।
ਇਹਨਾਂ ਟੈਸਟਾਂ ਦੇ ਨਤੀਜਿਆਂ ਨੂੰ ਵੀਜ਼ੇ ਲਈ ਸਵੀਕਾਰਨ ਲਈ ਜਰੂਰੀ ਹੈ ਕਿ ਇਹ ਨਤੀਜੇ ਵੀਜ਼ਾ ਭਰਨ ਦੀ ਮਿਤੀ ਤੋਂ ਦੋ ਸਾਲਾਂ ਦੇ ਅੰਦਰ ਅੰਦਰ ਹੀ ਪਾਸ ਕੀਤੇ ਹੋਏ ਹੋਣੇ ਚਾਹੀਦੇ ਹਨ।